Saturday, April 12, 2014

ਗ਼ਜ਼ਲ

ਚਿਹਰਿਆਂ ਤੋਂ ਵੀ ਅੰਦਾਜਾ ਲਾ ਲਵਾਂਗੇ
ਸੋਚਾਂ ਦੇ ਖੰਭ ਲਾ ਕੇ ਅੰਬਰ ਗਾਹ ਲਵਾਂਗੇ

ਜਾਣਦੇ ਹਾਂ  ਬੇਵਫਾ ਹੈ ਫੇਰ ਵੀ ਪਰ
ਥੋੜਾ ਬਹੁਤਾ ਰੀਝਾਂ ਨੂੰ ਪਰਚਾ ਲਵਾਂਗੇ

ਰੌਸ਼ਨੀ ਦੇ ਨਾਲ ਵਾਹ ਜਦ ਵੀ ਪਿਆ ਤਾਂ
ਓਸ ਘੜੀ ਹੀ  ਓਹਨੂੰ  ਸੀਨੇ ਲਾ ਲਵਾਂਗੇ

ਅੱਗ ਦਾ ਭਾਂਬੜ ਵੀ ਜੇਕਰ ਲੱਭਿਆ ਨਾ
ਜੁਗਨੂੰਆਂ ਦੇ ਨਾਲ ਤਨ ਗਰਮਾ ਲਵਾਂਗੇ

ਗਮ ਨਹੀਂ ਜੇ ਉਹ ਨਹੀਂ ਹਨ ਹਮਸਫਰ
ਪੰਧ ਚੁਣਿਆ ਹੈ ਸਿਰੇ ਵੀ ਲਾ  ਲਵਾਂਗੇ

ਤੁਰ ਪਏ ਹਾਂ ਰਸਤਿਆਂ ਦੀ ਹੈ ਖਬਰ ਵੀ
ਚੋਟੀਆਂ ਤੇ ਪੁੱਜ ਕੇ ਹੀ ਸਾਹ ਲਵਾਂਗੇ


                (ਬਲਜੀਤ ਪਾਲ ਸਿੰਘ)