Thursday, May 18, 2017

ਗ਼ਜ਼ਲ



ਨੇਤਾ ਕਰਨ ਸਿਆਸਤ ਤੇ ਘਮਸਾਨ ਬੜਾ
ਐਪਰ ਕਰਦੇ ਲੋਕਾਂ ਦਾ ਨੁਕਸਾਨ ਬੜਾ

ਏਥੇ ਕੋਈ ਵੁੱਕਤ ਨਹੀਂ ਸਿਆਣਪ ਦੀ
ਮਾਇਆਧਾਰੀ ਬਣ ਬੈਠਾ ਪਰਧਾਨ ਬੜਾ

ਏਹਦਾ ਚੈਨ ਸਕੂਨ ਗੁਆਚ ਗਿਆ ਕਿਧਰੇ
ਤਾਂ ਹੀ ਫਿਰਦਾ ਘਬਰਾਇਆ ਇਨਸਾਨ ਬੜਾ

ਖੇਤੀ ਘਾਟੇਵੰਦੀ ਖਰਚੇ ਵਧ ਗਏ ਨੇ
ਏਸੇ ਲਈ ਕਰਜਾਈ ਹੈ ਕਿਰਸਾਨ ਬੜਾ

ਰਾਤ ਦਿਨੇ ਕਾਹਤੋਂ ਨਹੀਂ ਟਿਕਦਾ ਬੰਦਾ ਹੁਣ
ਆਲ੍ਹਣਿਆਂ ਵਿਚ ਹਰ ਪੰਛੀ ਹੈਰਾਨ ਬੜਾ

ਹੋਇਆ ਜਦੋਂ ਹਨੇਰਾ ਲੋਕੀਂ ਸਹਿਮ ਗਏ
ਚੋਰਾਂ ਖਾਤਿਰ ਲੇਕਿਨ ਇਹ ਵਰਦਾਨ ਬੜਾ

ਯਾਰਾਂ ਦੇ ਨਾਲ ਜੋ ਪੁਗਾਉਂਦੇ ਦੋਸਤੀਆਂ
ਮਹਿਫਲ ਵਿਚ ਤਾਂ ਹੀ ਮਿਲਦਾ ਸਨਮਾਨ ਬੜਾ

ਸੇਵਾ ਦੇਸ਼ ਦੀ ਐਵੇਂ ਇਕ ਬਹਾਨਾ ਹੈ
ਲੀਡਰ ਤਾਂ ਕੁਰਸੀ ਦਾ ਹੈ ਚਾਹਵਾਨ ਬੜਾ

ਕੋਈ ਜੁਲਮ ਕਰੇ ਤੇ ਕੋਈ ਜੁਲਮ ਸਹੇ
ਹੋਇਆ ਹੈ ਪਖਪਾਤੀ ਵੀ ਭਗਵਾਨ ਬੜਾ

ਜਿਹਡ਼ਾ ਮੇਰੇ ਉਲਟ ਬੋਲਦਾ ਟੰਗ ਦਿਓ
ਹਾਕਮ ਕਰਦਾ ਹੋਰ ਸਖਤ ਫੁਰਮਾਨ ਬੜਾ

(ਬਲਜੀਤ ਪਾਲ ਸਿੰਘ)

x

No comments: